Tuesday, July 27, 2010

ਬਿਸਕੁਟ ਖਾਣ ਕਤੂਰੇ

ਬਿਸਕੁਟ ਖਾਣ ਕਤੂਰੇ


ਗੂੰਗੀ ਪਰਜ਼ਾ ਰਾਜੇ ਬੋਲੇ ,
ਕਿਥੋਂ ਕੋਈ ਨਿਆਂ ਨੂੰ ਟੋਹਲੇ ,
ਹੱਕ ਮੰਗਦਿਆਂ ਗੋਲੀ ਮਿਲਦੀ ,
ਰੋਟੀ ਮੰਗੀਏ ਹੂਰੇ ।
ਬਾਲਕ ਜਿੱਥੇ ਭੁੱਖ਼ੇ ਮਰਦੇ ,
ਬਿਸਕੁਟ ਖਾਣ ਕਤੂਰੇ ॥


• ਜਾਦੂਗਰ ਦਾ ਬਣੇ ਤਮਾਸ਼ਾ ,
ਵੱਧ ਗਈ ਬੇਰੁਜ਼ਗਾਰੀ ।
ਭੀੜ ਇਕੱਠੀ ਕਰਨ ਨੂੰ ਵੱਜਦੀ ,
ਡੁੱਗ ਡੁੱਗੀ ਸਰਕਾਰੀ ।
ਬਾਂਦਰ ਨਾਚ ਨਚਾਉਂਦੇ ਨੇਤਾ ,
ਨੱਚੀਏ ਵਾਂਗ ਜਮੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥

• ਅੰਬਰਾਂ ਨੂੰ ਮਹਿੰਗਾਈ ਛੂਹ ਗਈ,
ਲੰਬੀਆਂ ਪੁੱਟ ਪੁਲਾਂਘਾਂ ।
ਭੁੱਖੇ ਢਿੱਡ ਹੁਣ ਕਿਵੇਂ ਸੁਣਾਵੇ ,
ਕੁੱਕੜ ਤੜਕੇ ਵਾਂਗਾਂ ।
ਮਹਿੰਗਾਈ , ਬੇਰੁਜ਼ਗਾਰੀ ਲੱਗੀਆਂ ,
ਜਿੱਦ ਜਿੱਦ ਲੰਘਣ ਮੂਹਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥



* ਹੁਸਨ ਸੁਹੱਪਣ ਰੱਬ ਦੀ ਰਹਿਮਤ ,
ਬਹੁਤਾ ਨਾ ਚਮਕਾ ਤੂੰ ।
ਪਾੜ ਖਾਣੀਆਂ ਨਜ਼ਰਾਂ ਕੋਲੋਂ ,
ਖ਼ੁਦ ਨੂੰ ਕੁੜੇ ਬਚਾ ਤੂੰ ।
ਇੱਜ਼ਤਾਂ ਤਾਈਂ ਡੰਗ ਜਾਣ ਨਾ ,
ਹਵਸੀ ਖ਼ੰਜ ਖ਼ੰਜੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥

• ਅੱਜ ਦੇ ਯੁੱਗ ਪਰੀਵਾਰ ਪਾਲਣਾ ,
ਹਰ ਬੰਦੇ ਨੂੰ ਔਖ਼ਾ ।
ਅੰਦਰੋਂ ਹਰ ਇੱਕ ਵਿੱਚ ਚਿੰਤਾਂ ਦੇ ,
ਉਂਝ ਵੇਖ਼ਣ ਨੂੰ ਸੌਖ਼ਾ ।
ਰੁੱਖ਼ੀ ਮਿਸੀ ਖਾ ਲੈ ਭਲਿਆ ,
ਭਾਲ ਨਾ ਸ਼ੱਕਰ ਬੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥

• ਪੱਖ਼ੀ ਝੱਲ ਕੇ ਗਰਮੀ ਕੱਟ ਲੈ ,
ਅੱਗ ਸੇਕ ਕੇ ਸਰਦੀ ।
ਤੇਰੀ ਗਰਮੀ ਸਰਦੀ ਲਈ ,
ਸਰਕਾਰ ਨਹੀ ਕੁੱਝ ਕਰਦੀ ।
ਤਨ ਦੇ ਕਪੜੇ ਲਾਹੁਣ ਨੂੰ ਫਿਰਦੀ ,
ਭਾਲ ਨਾ ਕੰਬਲ ਭੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥


• ਜ਼ਜ਼ਬਾਤਾਂ ਦਾ ਗਲਾ ਦਬਾ ਲੈ,
ਜੇ ਹੈ ਸੌਖ਼ਾ ਰਹਿਣਾ ।
ਤੇਰੇ ਮੁਰਦਾਬਾਦ ਕਹਿਣ ਦਾ ,
ਰੱਤੀ ਫਰਕ ਨਹੀਂ ਪੈਣਾ ।
ਵਾਅਦੇ ਸਿਰਫ਼ ਕਿਤਾਬੀ ਗੱਲਾਂ ,
ਕਰਨ ਨਾ ਨੇਤਾ ਪੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥


• ਗ਼ਰੀਬੀ ਰੇਖ਼ਾ ਤੋਂ ਥੱਲੇ ਵਾਲਾ ,
ਹੈ ਜੋ ਸ਼ਬਦ " ਘੁਮਾਣਾ"।
ਇਸ ਰੇਖ਼ਾ ਨੇ ਕਦੇ ਨਾ ਮਿੱਟਣਾ ,
ਮਿੱਟੂ ਗ਼ਰੀਬ ਨਿਮਾਣਾ ।
ਗ਼ਰੀਬਾਂ ਦੇ ਤਾਂ ਸੁਪਨੇ ਭਲਿਆ ,
ਰਹਿੰਦੇ ਸਦਾ ਅਧੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥



ਲੇਖਕ : ਜਰਨੈਲ ਘੁਮਾਣ
+91-98885-05577
Email :ghuman5577@yahoo.com

No comments: