Tuesday, July 27, 2010

ਇੱਕ ਅੱਬਲਾ ਦਾ ਵਿਰਲਾਪ (ਅਖੌਤੀ ਆਜ਼ਾਦੀ ਦੇ ਨਾਂ)

ਸਕੂਲ ਵਿੱਚ ਛੁੱਟੀ , ਅੱਜ ਦਿਨ ਹੈ ਆਜ਼ਾਦੀ ਦਾ ।
ਮੁਲਕਾਂ ਦੀ ਵੰਡ , ਲੋਹੜੇ ਮਾਰ ਬਰਬਾਦੀ ਦਾ ।
ਹਾੜਾ ਇਤਿਹਾਸ ਨਾ ਦੁਹਰਾਈ ਨੀ ਆਜ਼ਾਦੀਏ , ਜਿੱਦਣ ਮੈਂ ਹੋਈ ਸਾਂ ਤਬਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

* ਸੱਠ ਨੂੰ ਤਾਂ ਤੂੰ ਵੀ ਟੱਪੀ ,ਅੱਸੀਆਂ ਨੂੰ ਮੈਂ ਢੁੱਕੀ ,ਓਹੀ ਨੇ ਗਲੋਟੇ ,ਓਹੀ ਪੂਣੀਆਂ ।
ਕਿਰਤਾਂ ਦਾ ਖ਼ੂਹ ਗੇੜ ਗੇੜ ਥੱਕ ਹਾਰ ਚੁੱਕੇ , ਰੀਝਾਂ ਦੀਆਂ ਟਿੰਡਾਂ ਹਾਲੇ ਊਣੀਆਂ ।
ਖੁਸ਼ੀਆਂ ਦਾ ਮੀਂਹ ਵਰਸਾਈਂ ਨੀ ਆਜ਼ਾਦੀਏ , ਸੁੱਕੇ ਸੁੱਕੇ ਰਹਿ ਚੱਲੇ ਚਾਅ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

* ਗੋਰੇ ਛੱਡ ਗਏ , ਮੇਰੇ ਆਪਣਿਆਂ ਦੀ ਨੀਅਤ ਫਿੱਟੀ , ਪੱਤ ਕਰ ਦਿੱਤੀ ਲੀਰੋ ਲੀਰ ਨੀ ।
ਆਤਮਾ ਤਾਂ ਮੇਰੀ ਓਸੇ ਦਿਨ ਦਮ ਤੋੜ ਗਈ ਸੀ ,ਲਾਸ਼ ਜਿਹਾ ਰਹਿ ਗਿਆ ਸਰੀਰ ਨੀ ।
ਬਾਲੜੀ ਦੀ ਸੇਜ ਹੰਢਾਈ ਨੀ ਆਜ਼ਾਦੀਏ , ਨਾ ਫੇਰੇ ਹੋਏ, ਨਾ ਨਿਕਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

* ਨਫ਼ਰਤਾਂ ਦੀ ਅੱਗ ਮੇਰਾ ਆਲ੍ਹਣਾ ਜਲਾ ਗਈ , ਸਾੜ ਲਪਟਾਂ ਨੇ ਦਿੱਤਾ ਪ੍ਰੀਵਾਰ ਨੀ ।
ਕੱਲੀਓ ਬਚੀ ਮੈਂ, ਬਾਕੀ ਵੱਢ ਟੁੱਕ ਦਿੱਤੇ , ਐਸੇ ਧਰਮਾਂ ਦੇ ਚੱਲੇ ਹਥਿਆਰ ਨੀ ।
ਮੈਂ ਵੀ ਕਿਸੇ ਹਵਸੀ ਬਚਾਈ ਨੀ ਆਜ਼ਾਦੀਏ , ਇੱਜ਼ਤਾਂ ਦਾ ਲਾਉਣ ਲਈ ਭਾਅ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

* ਪਿੰਜਰੇ 'ਚ ਫਾਹੀ ਗਈ ਕੂੰਜ ਵਿਚਾਰੀ , ਹੱਥ ਲੱਗ ਗਈ ਨਿੱਤ ਦੇ ਸ਼ਿਕਾਰੀਆਂ ।
ਜੋਕਾਂ ਜਿਉਂ ਹੁਸਨ ਚੂਸ , ਬੋਟੀ ਬੋਟੀ ਮਾਸ ਮੇਰਾ , ਵੇਚ ਦਿੱਤਾ ਚੰਮ ਦੇ ਵਪਾਰੀਆਂ ।
ਕਿਹੜਾ ਸੁਣੇ ਹਾਲ ਦੁਹਾਈ ਨੀ ਆਜ਼ਾਦੀਏ , ਇੱਕੋ ਜਿਹੇ ਮੁਦਈ ਤੇ ਗਵਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

* ਰੁੱਕੀਆਂ ਹਨ੍ਹੇਰੀਆਂ ਤੇ ਜ਼ੁਲਮਾਂ ਦੇ ਗੜੇ ਪੈਣੋ , ਝੱਲ ਚੁੱਕੀ ਜਦੋਂ ਬਦਨਸੀਬੀਆਂ ।
ਹੱਡੀਆਂ ਦੇ ਪਿੰਜਰ ਨੂੰ ਦੇਹ ਚੋਰ ਛੱਡ ਤੁਰੇ , ਝੋਲੀ ਵਿੱਚ ਸੁੱਟ ਕੇ ਗਰੀਬੀਆਂ ।
ਕਿਵੇਂ ਕਰਾਂ ਐਡੀ ਭਰਪਾਈ ਨੀ ਆਜ਼ਾਦੀਏ , ਕਿਹੜਾ ਅਪਨਾਉਂਦੀ ਫਿਰਾਂ ਰਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

*ਮੇਰੀ ਤਾਂ ਗਰੀਬੜੀ ਦੀ ਕਿਸੇ ਨੇ ਨਾ ਸੁਣੀ ,ਸਰਕਾਰਾਂ ਰਹੀਆਂ ਆਉਂਦੀਆਂ ਤੇ ਜਾਂਦੀਆਂ ।
ਹੋ ਗਈਆਂ ਤਰੱਕੀਆਂ ਦਾ ਲੇਸ ਕੀ ਐ ਸਾਨੂੰ , ਸਿਰ ਓਹੀ ਚੁੰਨੀ, ਗੋਟੇ ਤੇ ਪਰਾਂਦੀਆਂ ।
ਨਵੇਂ ਲੀੜੇ ਸਾਡੇ ਸਿਲਵਾਈਂ ਨੀ ਆਜ਼ਾਦੀਏ , ਲੱਗਦੀ ਹੋਵੇ ਜੇ ਤੇਰੀ ਵਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

* ਜਿਹਨਾਂ ਹੱਥ ਡੋਰ ਫੜਾ ਦਿੱਤੀ ਸਾਡੀ , ਉਹ ਜਾਣਦੇ ਨਾ ਕੀ ਨੇ ਮਜਬੂਰੀਆਂ ।
ਕੁੱਲੀਆਂ ਤੇ ਮਹਿਲਾਂ ਵਿੱਚ ਫਾਸਲਾ ਬੜਾ ਏ ,ਚਾਹੁੰਦੇ ਹੋਏ ਵੀ ਘਟਾ ਨਾ ਸਕੇ ਦੂਰੀਆਂ ।
ਖ਼ੁਦ ਲਈ ਕਰ ਗਏ ਕਮਾਈ ਨੀ ਆਜ਼ਾਦੀਏ , ਸਾਡੀ ਕਿਸ ਕੀਤੀ ਪਰਵਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

* ਤੈਨੂੰ ਤਾਂ ਉਹ ਸਾਲ ਪਿੱਛੋ ਯਾਦ ਵੀ ਨੇ ਕਰ ਲੈਂਦੇ , ਆਉਣਗੇ ਤਾਂ ਕੰਨੀ ਗੱਲ ਪਾ ਦੇਵੀਂ ।
ਜਿਹਦੀ ਵੋਟ ਨਾਲ ਅੱਜ ਰਾਜਗੱਦੀ ਮਿਲੀ , ਓਸ ਬੁੱਢੜੀ ਦਾ ਚੇਤਾ ਕਰਵਾ ਦੇਵੀ ।
ਮਰਦੀ ਹੈ ਭੁੱਖੀ ਤ੍ਰਿਹਾਈ ਨੀ ਆਜ਼ਾਦੀਏ , ਵੇਖ ਰਹੀ ਵਾਅਦਿਆਂ ਦਾ ਰਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

* ਸਾਡੇ ਘਰ ਰੋਟੀ ਪੱਕੂ , ਗੈਸ ਦਿਆਂ ਚੁੱਲ੍ਹਿਆਂ ਤੇ , ਲੈ ਕੇ ਆਈਂ ਐਦਾਂ ਦੀ ਤਰੀਖ਼ ਨੀ ।
ਭੁੱਲ ਕੇ ਸੰਤਾਪ , ਕੁੱਝ ਚੰਗੇ ਦਿਨ ਆਉਣ , ਤਾਂ ਕਿ ਖੁਸ਼ੀਆਂ 'ਚ ਹੋ ਜਾਈਏ ਸ਼ਰੀਕ ਨੀ ।
ਆਉਦਾਂ ਸਾਲ ਖਾਲੀ ਨਾ ਲੰਘਾਈਂ ਨੀ ਆਜ਼ਾਦੀਏ , ਇੱਕ ਅੱਧੀ ਰੀਝ ਤਾਂ ਪੁਗਾ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

* ਆਖ਼ਦੀ "ਘੁਮਾਣ"ਤਾਈਂ ਗੋਗੜ ਫੈਲਾਈਂ ਫਿਰੇਂ , ਖਾ ਖਾ ਕੇ ਜਨਤਾ ਦੇ ਹੱਕ ਤੂੰ ।
ਵੋਟਾਂ ਵੇਲੇ ਰੋਟੀ ਖਾਧੀ ਮੇਰੇ ਢਾਰੇ ਬੈਠ , ਆਹ ਫੋਟੋ ਵੀ ਵਿਖ਼ਾ ਦੇਈਂ ਬੇਸ਼ੱਕ ਤੂੰ ।
ਭੁੱਲ ਗਿਆ ਨੂੰ ਚੇਤੇ ਕਰਵਾਈ ਨੀ ਆਜ਼ਾਦੀਏ , ਤੇਰੀ ਮੰਨ ਲੈਣ ਜੇ ਸਲਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਲੇਖਕ : ਜਰਨੈਲ ਘੁਮਾਣ
+91-98885-05577
Email :ghuman5577@yahoo.com

No comments: